Google One ਦੇ ਵਧੀਕ ਸੇਵਾ ਦੇ ਨਿਯਮ
ਪਿਛਲੀ ਵਾਰ ਸੋਧਿਆ ਗਿਆ: 11 ਨਵੰਬਰ 2025 |Google One ਦੀ ਵਰਤੋਂ ਕਰਨ ਲਈ, ਤੁਹਾਡੇ ਵਾਸਤੇ (1) Google ਦੇ ਸੇਵਾ ਦੇ ਨਿਯਮਾਂ ਅਤੇ (2) Google One ਦੇ ਇਨ੍ਹਾਂ ਵਧੀਕ ਸੇਵਾ ਦੇ ਨਿਯਮਾਂ (“ਵਧੀਕ ਨਿਯਮ”) ਨੂੰ ਸਵੀਕਾਰ ਕਰਨਾ ਲਾਜ਼ਮੀ ਹੈ। ਅਜਿਹੇ ਨਿਯਮ ਜਿਨ੍ਹਾਂ ਨੂੰ ਇਨ੍ਹਾਂ ਵਧੀਕ ਨਿਯਮਾਂ ਵਿੱਚ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ, ਉਨ੍ਹਾਂ ਦੇ ਅਰਥ Google ਦੇ ਸੇਵਾ ਦੇ ਨਿਯਮਾਂ ਵਿੱਚ ਦਿੱਤੇ ਗਏ ਹਨ।
ਕਿਰਪਾ ਕਰਕੇ ਇਨ੍ਹਾਂ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜ੍ਹੋ। ਇਕੱਠਿਆਂ, ਇਨ੍ਹਾਂ ਦਸਤਾਵੇਜ਼ਾਂ ਨੂੰ “ਨਿਯਮਾਂ” ਵਜੋਂ ਜਾਣਿਆ ਜਾਂਦਾ ਹੈ। ਇਹ ਦੱਸਦੇ ਹਨ ਕਿ ਜਦੋਂ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਸਾਡੇ ਤੋਂ ਕੀ ਉਮੀਦ ਕਰ ਸਕਦੇ ਹੋ, ਅਤੇ ਅਸੀਂ ਤੁਹਾਡੇ ਤੋਂ ਕੀ ਉਮੀਦ ਕਰਦੇ ਹਾਂ।
ਅਸੀਂ ਤੁਹਾਨੂੰ ਸਾਡੀ ਪਰਦੇਦਾਰੀ ਨੀਤੀ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਾਂ ਤਾਂ ਜੋ ਤੁਸੀਂ ਬਿਹਤਰ ਤਰੀਕੇ ਨਾਲ ਸਮਝ ਸਕੋ ਕਿ ਤੁਸੀਂ ਆਪਣੀ ਜਾਣਕਾਰੀ ਨੂੰ ਕਿਵੇਂ ਅੱਪਡੇਟ, ਪ੍ਰਬੰਧਿਤ ਅਤੇ ਨਿਰਯਾਤ ਕਰ ਸਕਦੇ ਹੋ ਅਤੇ ਮਿਟਾ ਸਕਦੇ ਹੋ।
1. ਸਾਡੀ ਸੇਵਾ
Google One ਭੁਗਤਾਨਸ਼ੁਦਾ ਸਟੋਰੇਜ ਵਾਲੇ ਸਬਸਕ੍ਰਿਪਸ਼ਨ ਪਲਾਨਾਂ ਦੀ ਪੇਸ਼ਕਸ਼ ਕਰਦਾ ਹੈ, ਜਿਨ੍ਹਾਂ ਨੂੰ Gmail, Google Photos ਅਤੇ Google Drive 'ਤੇ ਸਾਂਝਾ ਕੀਤਾ ਜਾਂਦਾ ਹੈ, ਇਸ ਵਿੱਚ Google ਵੱਲੋਂ ਜਾਂ ਤੀਜੀਆਂ ਧਿਰਾਂ ਰਾਹੀਂ ਤੁਹਾਨੂੰ ਮੁਹੱਈਆ ਕਰਵਾਏ ਗਏ ਵਧੀਕ ਲਾਭਾਂ ਵਾਲੇ ਸਬਸਕ੍ਰਿਪਸ਼ਨ ਪਲਾਨ ਸ਼ਾਮਲ ਹਨ। Google One, Google ਵੱਲੋਂ ਬਣਾਈਆਂ ਗਈਆਂ ਕੁਝ ਖਾਸ AI ਵਿਸ਼ੇਸ਼ਤਾਵਾਂ ਤੱਕ ਭੁਗਤਾਨਸ਼ੁਦਾ ਪਹੁੰਚ ਲਈ ਸਬਸਕ੍ਰਿਪਸ਼ਨ ਪਲਾਨਾਂ ਅਤੇ AI ਕ੍ਰੈਡਿਟਾਂ ਦੀ ਪੇਸ਼ਕਸ਼ ਵੀ ਕਰਦਾ ਹੈ। Google ਜਾਂ ਤੀਜੀ-ਧਿਰ ਦੇ ਵਧੀਕ ਲਾਭਾਂ ਦੀ ਤੁਹਾਡੀ ਵਰਤੋਂ ਅਜਿਹੇ ਲਾਭਾਂ 'ਤੇ ਲਾਗੂ ਹੋਏ ਸੇਵਾ ਦੇ ਨਿਯਮਾਂ ਅਧੀਨ ਹੁੰਦੀ ਹੈ। ਹੋ ਸਕਦਾ ਹੈ ਕਿ ਕੁਝ ਲਾਭ ਸਾਰੇ ਦੇਸ਼ਾਂ ਵਿੱਚ ਉਪਲਬਧ ਨਾ ਹੋਣ ਅਤੇ ਹੋਰ ਪਾਬੰਦੀਆਂ ਦੇ ਅਧੀਨ ਹੋਣ। ਕਿਰਪਾ ਕਰਕੇ ਹੋਰ ਜਾਣਕਾਰੀ ਲਈ, Google One ਮਦਦ ਕੇਂਦਰ 'ਤੇ ਜਾਓ।
Google One ਸੇਵਾ ਤੁਹਾਨੂੰ Google ਦੇ ਸੇਵਾ ਦੇ ਨਿਯਮਾਂ ਵਿੱਚ ਨਿਰਧਾਰਿਤ ਕੀਤੀ ਗਈ Google ਇਕਾਈ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ। ਜਦੋਂ ਤੁਸੀਂ Google One ਸਬਸਕ੍ਰਿਪਸ਼ਨ ਜਾਂ AI ਕ੍ਰੈਡਿਟ ਖਰੀਦਦੇ ਹੋ, ਤਾਂ ਤੁਸੀਂ ਵਿਕਰੇਤਾ ਨਾਲ ਇੱਕ ਵੱਖਰਾ ਇਕਰਾਰਨਾਮਾ ਕਰਦੇ ਹੋ, ਜੋ ਕਿ ਕੋਈ Google ਇਕਾਈ (ਸੈਕਸ਼ਨ 2 ਦੇਖੋ) ਜਾਂ ਤੀਜੀ-ਧਿਰ ਹੋ ਸਕਦਾ ਹੈ। ਜੇ ਤੁਹਾਡੇ ਕੋਲ ਕਿਸੇ ਤੀਜੀ-ਧਿਰ ਜਾਂ ਸਹਿਯੋਗੀ ਰਾਹੀਂ Google One ਸਬਸਕ੍ਰਿਪਸ਼ਨ ਹੈ, ਤਾਂ ਫਿਰ ਤੁਹਾਡੀ ਸਬਸਕ੍ਰਿਪਸ਼ਨ ਉਸ ਤੀਜੀ-ਧਿਰ ਜਾਂ ਸਹਿਯੋਗੀ ਤੋਂ ਵਧੀਕ ਨਿਯਮਾਂ ਦੇ ਅਧੀਨ ਹੋ ਸਕਦੀ ਹੈ।
AI ਕ੍ਰੈਡਿਟ
ਤੁਸੀਂ ਮਨੋਨੀਤ AI ਵਿਸ਼ੇਸ਼ਤਾਵਾਂ ਦੇ ਅੰਦਰ ਆਪਣੀਆਂ ਬੇਨਤੀਆਂ ਨੂੰ ਚਾਲੂ ਕਰਨ ਅਤੇ ਉਨ੍ਹਾਂ 'ਤੇ ਪ੍ਰਕਿਰਿਆ ਕਰਨ ਲਈ AI ਕ੍ਰੈਡਿਟ ਵਰਤ ਸਕਦੇ ਹੋ। ਕਿਸੇ ਖਾਸ ਕਾਰਵਾਈ (ਜਿਵੇਂ ਕਿ ਵੀਡੀਓ ਸਿਰਜਣਾ) ਲਈ ਲੋੜੀਂਦੇ ਕ੍ਰੈਡਿਟਾਂ ਦੀ ਗਿਣਤੀ ਸੰਬੰਧੀ ਜਾਣਕਾਰੀ ਢੁਕਵੇਂ ਉਤਪਾਦ ਜਾਂ ਵਿਸ਼ੇਸ਼ਤਾ ਦੇ ਅੰਦਰ ਤੁਹਾਨੂੰ ਦਿੱਤੀ ਜਾਵੇਗੀ। Google, AI ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਲਈ ਕ੍ਰੈਡਿਟ ਦੀਆਂ ਕੀਮਤਾਂ ਨੂੰ ਸੋਧਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ। AI ਕ੍ਰੈਡਿਟਾਂ ਦੀ ਵਰਤੋਂ ਸਿਰਫ਼ ਉਨ੍ਹਾਂ ਖਾਸ AI ਵਿਸ਼ੇਸ਼ਤਾਵਾਂ ਤੱਕ ਪਹੁੰਚ ਕਰਨ ਲਈ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੂੰ Google ਵੱਲੋਂ ਸਮੇਂ-ਸਮੇਂ 'ਤੇ ਉਪਲਬਧ ਕਰਵਾਇਆ ਜਾ ਸਕਦਾ ਹੈ।
AI ਕ੍ਰੈਡਿਟਾਂ ਦੀ ਮਿਆਦ ਕੁਝ ਸਮੇਂ ਬਾਅਦ ਸਮਾਪਤ ਹੋ ਸਕਦੀ ਹੈ, ਜਿਵੇਂ ਕਿ ਉਨ੍ਹਾਂ ਨੂੰ ਪ੍ਰਾਪਤ ਕਰਨ ਵੇਲੇ ਨਿਰਧਾਰਿਤ ਕੀਤਾ ਜਾਂਦਾ ਹੈ।
ਇਨ੍ਹਾਂ ਨਿਯਮਾਂ ਵਿੱਚ ਸਪਸ਼ਟ ਤੌਰ 'ਤੇ ਦੱਸੇ ਗਏ ਤੋਂ ਇਲਾਵਾ, ਤੁਹਾਡੇ ਕੋਲ AI ਕ੍ਰੈਡਿਟਾਂ ਸੰਬੰਧੀ ਕੋਈ ਅਧਿਕਾਰ ਜਾਂ ਹੱਕ ਨਹੀਂ ਹੈ। ਤੁਸੀਂ AI ਕ੍ਰੈਡਿਟ ਕਿਸੇ ਹੋਰ ਵਰਤੋਂਕਾਰ ਜਾਂ ਖਾਤੇ ਨੂੰ ਵੇਚ ਜਾਂ ਟ੍ਰਾਂਸਫ਼ਰ, ਜਾਂ ਵੇਚਣ ਜਾਂ ਟ੍ਰਾਂਸਫ਼ਰ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ। AI ਕ੍ਰੈਡਿਟ ਖਰੀਦਣ 'ਤੇ, ਤੁਸੀਂ ਕੁਝ ਨਿਰਧਾਰਿਤ AI ਵਿਸ਼ੇਸ਼ਤਾਵਾਂ ਦੀ ਵਰਤੋਂ ਲਈ ਪ੍ਰੀ-ਪੇਅ ਕਰ ਰਹੇ ਹੋ। AI ਕ੍ਰੈਡਿਟ ਕੋਈ ਡਿਜੀਟਲ ਮੁਦਰਾ, ਸੁਰੱਖਿਆ, ਵਸਤੂ ਜਾਂ ਕਿਸੇ ਹੋਰ ਤਰ੍ਹਾਂ ਦਾ ਵਿੱਤੀ ਸਾਧਨ ਨਹੀਂ ਹਨ ਅਤੇ ਇਨ੍ਹਾਂ ਨੂੰ ਕਿਸੇ ਨਕਦ ਮੁੱਲ ਵਿੱਚ ਰੀਡੀਮ ਨਹੀਂ ਕੀਤਾ ਜਾ ਸਕਦਾ। AI ਕ੍ਰੈਡਿਟਾਂ ਨੂੰ Google ਵਿਵਸਥਾ ਦੇ ਅੰਦਰ ਸਿਰਫ਼ ਨਿਰਧਾਰਿਤ AI ਵਿਸ਼ੇਸ਼ਤਾਵਾਂ ਲਈ ਹੀ ਰੀਡੀਮ ਕੀਤਾ ਜਾ ਸਕਦਾ ਹੈ। ਕਿਸੇ ਵੀ ਅਣਵਰਤੇ AI ਕ੍ਰੈਡਿਟ ਨੂੰ ਤੁਹਾਡੇ Google One ਪਲਾਨ ਦੀ ਬਰਖਾਸਤਗੀ ਜਾਂ ਰੱਦੀਕਰਨ ਦੀ ਸਥਿਤੀ ਵਿੱਚ ਜ਼ਬਤ ਕੀਤਾ ਜਾ ਸਕਦਾ ਹੈ, ਜੋ ਕਿਸੇ ਵੀ ਲਾਗੂ ਭੁਗਤਾਨ ਵਾਪਸੀ ਨੀਤੀ ਦੇ ਅਧੀਨ ਹੈ।
AI ਕ੍ਰੈਡਿਟਾਂ ਬਾਰੇਇੱਥੇ ਹੋਰ ਜਾਣੋ।
2. ਖਰੀਦ ਅਤੇ ਭੁਗਤਾਨ
Google One ਸਬਸਕ੍ਰਿਪਸ਼ਨਾਂ ਦੀ ਕੋਈ ਮਿਆਦ ਨਹੀਂ ਹੁੰਦੀ ਅਤੇ ਜਦੋਂ ਤੱਕ ਤੁਸੀਂ ਅਣਸਬਸਕ੍ਰਾਈਬ ਨਹੀਂ ਕਰਦੇ, ਉਦੋਂ ਤੱਕ ਤੁਹਾਡੀ ਸਬਸਕ੍ਰਿਪਸ਼ਨ ਦੇ ਨਿਯਮਾਂ ਮੁਤਾਬਕ (ਉਦਾਹਰਨ ਲਈ, ਮਹੀਨਾਵਾਰ, ਸਲਾਨਾ ਜਾਂ ਕੋਈ ਹੋਰ ਮਿਆਦ), ਤੁਹਾਡੇ ਤੋਂ ਹਰੇਕ ਬਿਲਿੰਗ ਚੱਕਰ ਦੀ ਸ਼ੁਰੂਆਤ 'ਤੇ ਖਰਚਾ ਲਿਆ ਜਾਵੇਗਾ।
Google One ਸਬਸਕ੍ਰਿਪਸ਼ਨ ਜਾਂ AI ਕ੍ਰੈਡਿਟਾਂ ਦੀ ਖਰੀਦ ਕਰਨ 'ਤੇ, ਤੁਹਾਡੀ ਖਰੀਦ ਵਿਕਰੇਤਾ ਵੱਲੋਂ ਵੱਖਰੇ ਨਿਯਮਾਂ ਦੇ ਅਧੀਨ ਹੋਵੇਗੀ। ਉਦਾਹਰਨ ਲਈ, ਜਦੋਂ ਤੁਸੀਂ Google One ਸਬਸਕ੍ਰਿਪਸ਼ਨ ਲਈ ਸਾਈਨ-ਅੱਪ ਕਰਦੇ ਹੋ ਜਾਂ Google Play Store ਰਾਹੀਂ AI ਕ੍ਰੈਡਿਟ ਖਰੀਦਦੇ ਹੋ, ਤਾਂ ਤੁਹਾਡੀ ਖਰੀਦ Google Play ਸੇਵਾ ਦੇ ਨਿਯਮਾਂ ਅਧੀਨ ਹੋਵੇਗੀ।
Google One ਸਬਸਕ੍ਰਿਪਸ਼ਨ ਜਾਂ Google Play Store ਰਾਹੀਂ AI ਕ੍ਰੈਡਿਟਾਂ ਦੀ ਤੁਹਾਡੀ ਖਰੀਦ ਦਾ ਵਿਕਰੇਤਾ ਇਹ ਹੈ:
- ਯੂਰਪ, ਮੱਧ ਪੂਰਵ ਅਤੇ ਅਫ਼ਰੀਕਾ ਦੇ ਖਪਤਕਾਰਾਂ ਲਈ: Google Commerce Limited
- ਭਾਰਤ ਦੇ ਖਪਤਕਾਰਾਂ ਲਈ: Google Ireland Limited
- ਏਸ਼ੀਆ, ਪ੍ਰਸ਼ਾਂਤ ਦੇ ਬਾਕੀ ਹਿੱਸਿਆਂ ਦੇ ਖਪਤਕਾਰਾਂ ਲਈ: Google Digital Inc.
- ਸੰਯੁਕਤ ਰਾਜ ਅਤੇ ਬਾਕੀ ਦੁਨੀਆ ਦੇ ਖਪਤਕਾਰਾਂ ਲਈ: Google LLC.
ਜਦੋਂ ਤੁਸੀਂ ਕਿਸੇ ਤੀਜੀ ਧਿਰ ਜਾਂ ਸਹਿਯੋਗੀ ਰਾਹੀਂ Google One ਸਬਸਕ੍ਰਿਪਸ਼ਨ ਜਾਂ AI ਕ੍ਰੈਡਿਟ ਖਰੀਦਦੇ ਹੋ, ਤਾਂ ਉਹ ਤੀਜੀ ਧਿਰ ਜਾਂ ਸਹਿਯੋਗੀ ਤੁਹਾਡੀ ਭੁਗਤਾਨ ਵਿਧੀ ਤੋਂ ਖਰਚਾ ਲੈਣਗੇ ਅਤੇ ਤੁਹਾਡੇ ਭੁਗਤਾਨ ਸੰਬੰਧੀ ਕਿਸੇ ਵੀ ਸਮੱਸਿਆ ਦਾ ਪ੍ਰਬੰਧਨ ਕਰਨ ਲਈ ਜ਼ਿੰਮੇਵਾਰ ਹੋਣਗੇ, ਜਿਸ ਵਿੱਚ ਰੱਦੀਕਰਨ ਅਤੇ ਭੁਗਤਾਨ-ਵਾਪਸੀਆਂ ਸ਼ਾਮਲ ਹਨ।
ਜੇ ਵਿਕਰੇਤਾ ਤੁਹਾਡੇ ਤੋਂ Google One ਸਬਸਕ੍ਰਿਪਸ਼ਨ ਦਾ ਖਰਚਾ ਨਹੀਂ ਲੈ ਪਾ ਰਿਹਾ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਉਦੋਂ ਤੱਕ Google One ਤੱਕ ਪਹੁੰਚ ਨਾ ਕਰ ਸਕੋ ਜਦੋਂ ਤੱਕ ਤੁਸੀਂ ਵਿਕਰੇਤਾ ਨਾਲ ਆਪਣੀ ਭੁਗਤਾਨ ਵਿਧੀ ਨੂੰ ਅੱਪਡੇਟ ਨਹੀਂ ਕਰ ਲੈਂਦੇ। ਜੇ ਤੁਸੀਂ ਉਸ ਨੋਟਿਸ ਤੋਂ ਬਾਅਦ ਵਾਜਬ ਸਮੇਂ ਦੇ ਅੰਦਰ ਆਪਣੀ ਭੁਗਤਾਨ ਵਿਧੀ ਨੂੰ ਅੱਪਡੇਟ ਕਰਨ ਵਿੱਚ ਅਸਫਲ ਰਹਿੰਦੇ ਹੋ, ਤਾਂ ਅਸੀਂ Google One ਤੱਕ ਤੁਹਾਡੀ ਪਹੁੰਚ ਨੂੰ ਰੱਦ ਜਾਂ ਮੁਅੱਤਲ ਕਰ ਸਕਦੇ ਹਾਂ।
3. ਕੀਮਤਾਂ ਅਤੇ ਪੇਸ਼ਕਸ਼ਾਂ
ਪੇਸ਼ਕਸ਼ਾਂ। ਅਸੀਂ ਸਮੇਂ-ਸਮੇਂ 'ਤੇ ਬਿਨਾਂ ਕੀਮਤ Google One ਸਬਸਕ੍ਰਿਪਸ਼ਨ ਦੀਆਂ ਪਰਖਾਂ ਦੀ ਪੇਸ਼ਕਸ਼ ਕਰ ਸਕਦੇ ਹਾਂ। ਜੇ ਤੁਸੀਂ Google One ਦੀ ਸਬਸਕ੍ਰਿਪਸ਼ਨ ਖਰੀਦਦੇ ਹੋ ਜਿਸ ਵਿੱਚ ਪਰਖ ਸ਼ਾਮਲ ਹੋਵੇ, ਤਾਂ ਤੁਹਾਨੂੰ ਪਰਖ ਦੀ ਮਿਆਦ ਦੌਰਾਨ Google One ਤੱਕ ਪਹੁੰਚ ਪ੍ਰਾਪਤ ਹੋਵੇਗੀ। ਪਰਖ ਦੀ ਮਿਆਦ ਸਮਾਪਤ ਹੋਣ 'ਤੇ ਅਤੇ ਲਾਗੂ ਕਨੂੰਨ ਮੁਤਾਬਕ ਇਜਾਜ਼ਤਸ਼ੁਦਾ ਸੀਮਾ ਤੱਕ, ਜੇ ਤੁਸੀਂ ਵਿਕਰੇਤਾ ਨੂੰ ਵੈਧ ਭੁਗਤਾਨ ਵਿਧੀ ਮੁਹੱਈਆ ਕਰਵਾਉਂਦੇ ਹੋ, ਤਾਂ ਤੁਹਾਡੇ ਤੋਂ ਸਵੈਚਲਿਤ ਤੌਰ 'ਤੇ ਹਰੇਕ ਬਿਲਿੰਗ ਮਿਆਦ ਲਈ ਸਬਸਕ੍ਰਿਪਸ਼ਨ ਦੀ ਕੀਮਤ ਦਾ ਖਰਚਾ ਲਿਆ ਜਾਵੇਗਾ ਅਤੇ ਇਹ ਜਾਰੀ ਰਹੇਗਾ ਜਦੋਂ ਤੱਕ ਤੁਸੀਂ ਆਪਣੀ ਸਬਸਕ੍ਰਿਪਸ਼ਨ ਨੂੰ ਰੱਦ ਨਹੀਂ ਕਰਦੇ। ਕਿਸੇ ਵੀ ਖਰਚੇ ਤੋਂ ਬਚਣ ਲਈ, ਤੁਹਾਡੇ ਵਾਸਤੇ ਪਰਖ ਦੀ ਮਿਆਦ ਸਮਾਪਤ ਹੋਣ ਤੋਂ ਪਹਿਲਾਂ ਵਿਕਰੇਤਾ ਨਾਲ ਆਪਣੀ ਸਬਸਕ੍ਰਿਪਸ਼ਨ ਨੂੰ ਰੱਦ ਕਰਨਾ ਲਾਜ਼ਮੀ ਹੈ। ਅਸੀਂ ਸਮੇਂ-ਸਮੇਂ 'ਤੇ Google One ਦੀਆਂ ਸਬਸਕ੍ਰਿਪਸ਼ਨਾਂ 'ਤੇ ਛੋਟਾਂ ਦੀ ਪੇਸ਼ਕਸ਼ ਵੀ ਕਰ ਸਕਦੇ ਹਾਂ। ਯੋਗਤਾ ਮਾਪਦੰਡ ਸਮੇਤ ਵਧੀਕ ਨਿਯਮ ਅਤੇ ਸ਼ਰਤਾਂ ਇਨ੍ਹਾਂ ਪੇਸ਼ਕਸ਼ਾਂ 'ਤੇ ਲਾਗੂ ਕੀਤੀਆਂ ਜਾ ਸਕਦੀਆਂ ਹਨ ਅਤੇ ਅਜਿਹਾ ਕੋਈ ਵੀ ਵਧੀਕ ਨਿਯਮ ਰੀਡੀਮ ਕਰਨ ਜਾਂ ਖਰੀਦ ਤੋਂ ਪਹਿਲਾਂ ਤੁਹਾਨੂੰ ਉਪਲਬਧ ਕਰਵਾਇਆ ਜਾਵੇਗਾ। ਪੇਸ਼ਕਸ਼ਾਂ ਪਾਬੰਦੀ ਵਾਲੀਆਂ ਜਾਂ ਲਾਗੂ ਕਨੂੰਨਾਂ ਵੱਲੋਂ ਪ੍ਰਤਿਬੰਧਿਤ ਥਾਵਾਂ 'ਤੇ ਲਾਗੂ ਨਹੀਂ ਹੁੰਦੀਆਂ।
ਕੀਮਤਾਂ ਵਿੱਚ ਤਬਦੀਲੀਆਂ। ਅਸੀਂ ਸਮੇਂ-ਸਮੇਂ 'ਤੇ Google One ਸਬਸਕ੍ਰਿਪਸ਼ਨਾਂ ਜਾਂ AI ਕ੍ਰੈਡਿਟਾਂ ਦੀਆਂ ਕੀਮਤਾਂ ਨੂੰ ਬਦਲ ਸਕਦੇ ਹਾਂ, ਉਦਾਹਰਨ ਲਈ, ਮਹਿੰਗਾਈ, ਲਾਗੂ ਹੋਣ ਵਾਲੇ ਟੈਕਸਾਂ ਵਿੱਚ ਤਬਦੀਲੀਆਂ, ਪ੍ਰਮੋਸ਼ਨਲ ਪੇਸ਼ਕਸ਼ਾਂ ਵਿੱਚ ਤਬਦੀਲੀਆਂ, Google One ਵਿੱਚ ਤਬਦੀਲੀਆਂ ਜਾਂ ਬਦਲਦੀਆਂ ਕਾਰੋਬਾਰੀ ਲੋੜਾਂ ਨੂੰ ਦਿਖਾਉਣ ਵਾਸਤੇ। Google One ਸਬਸਕ੍ਰਿਪਸ਼ਨਾਂ ਸੰਬੰਧੀ ਕੀਮਤਾਂ ਵਿੱਚ ਤਬਦੀਲੀਆਂ ਲਈ, ਇਹ ਤਬਦੀਲੀਆਂ ਤੁਹਾਡੀ ਉਦੋਂ ਲਾਗੂ ਹੋਣਗੀਆਂ ਜਦੋਂ ਤੁਹਾਡੀ ਮੌਜੂਦਾ ਭੁਗਤਾਨ ਦੀ ਮਿਆਦ ਪੂਰੀ ਹੋ ਜਾਵੇਗੀ ਅਤੇ ਜਦੋਂ ਸੂਚਨਾ ਤੋਂ ਬਾਅਦ ਤੁਹਾਡਾ ਅਗਲਾ ਭੁਗਤਾਨ ਬਕਾਇਆ ਹੋਵੇਗਾ। ਤੁਹਾਡੇ ਤੋਂ ਖਰਚਾ ਲੈਣ ਤੋਂ ਪਹਿਲਾਂ ਅਸੀਂ ਤੁਹਾਨੂੰ ਕੀਮਤਾਂ ਵਿੱਚ ਵਾਧੇ ਬਾਰੇ 30 ਦਿਨ ਪਹਿਲਾਂ ਤੋਂ ਨੋਟਿਸ ਦੇਵਾਂਗੇ। ਜੇ ਤੁਹਾਨੂੰ 30 ਦਿਨਾਂ ਤੋਂ ਘੱਟ ਲਈ ਪਹਿਲਾਂ ਤੋਂ ਨੋਟਿਸ ਦਿੱਤਾ ਜਾਂਦਾ ਹੈ, ਤਾਂ ਤੁਹਾਡਾ ਅਗਲਾ ਭੁਗਤਾਨ ਬਕਾਇਆ ਹੋਣ ਤੱਕ ਕੋਈ ਤਬਦੀਲੀ ਲਾਗੂ ਨਹੀਂ ਕੀਤੀ ਜਾਵੇਗੀ। ਜੇ ਤੁਸੀਂ ਨਵੀਂ ਕੀਮਤ 'ਤੇ ਆਪਣੀ Google One ਸਬਸਕ੍ਰਿਪਸ਼ਨ ਨਾਲ ਜਾਰੀ ਨਹੀਂ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਨਿਯਮਾਂ ਦੇ 'ਰੱਦੀਕਰਨ' ਸੈਕਸ਼ਨ ਵਿੱਚ ਵਰਣਨ ਕੀਤੇ ਮੁਤਾਬਕ ਸਬਸਕ੍ਰਿਪਸ਼ਨ ਨੂੰ ਰੱਦ ਕਰ ਸਕਦੇ ਹੋ ਅਤੇ ਤੁਹਾਡੇ ਤੋਂ ਸਬਸਕ੍ਰਿਪਸ਼ਨ ਦੇ ਅਗਲੇ ਭੁਗਤਾਨਾਂ ਦਾ ਖਰਚਾ ਨਹੀਂ ਲਿਆ ਜਾਵੇਗਾ, ਬਸ਼ਰਤੇ ਤੁਸੀਂ ਮੌਜੂਦਾ ਬਿਲਿੰਗ ਮਿਆਦ ਦੀ ਸਮਾਪਤੀ ਤੋਂ ਪਹਿਲਾਂ ਸਾਨੂੰ ਸੂਚਿਤ ਕੀਤਾ ਹੋਵੇ। ਜਿੱਥੇ ਕੀਮਤ ਵਿੱਚ ਵਾਧਾ ਹੁੰਦਾ ਹੈ ਅਤੇ ਸਹਿਮਤੀ ਦੀ ਲੋੜ ਹੁੰਦੀ ਹੈ, ਉੱਥੇ ਤੁਹਾਡੇ ਵੱਲੋਂ ਨਵੀਂ ਕੀਮਤ ਨਾਲ ਸਹਿਮਤ ਨਾ ਹੋਣ ਤੱਕ ਤੁਹਾਡੀ ਸਬਸਕ੍ਰਿਪਸ਼ਨ ਨੂੰ ਰੱਦ ਕਰ ਦਿੱਤਾ ਜਾਂਦਾ ਹੈ।
4. ਰੱਦੀਕਰਨ ਅਤੇ ਭੁਗਤਾਨ-ਵਾਪਸੀਆਂ
ਰੱਦੀਕਰਨ ਅਤੇ ਹਟਣਾ। ਜੇ ਤੁਸੀਂ ਆਪਣੀ ਸਬਸਕ੍ਰਿਪਸ਼ਨ ਰੱਦ ਕਰਦੇ ਹੋ, ਤਾਂ ਤੁਹਾਡੀ ਮੌਜੂਦਾ ਬਿਲਿੰਗ ਮਿਆਦ ਦੇ ਬਾਕੀ ਬਚੇ ਸਮੇਂ ਲਈ ਤੁਹਾਡੇ ਕੋਲ Google One ਤੱਕ ਪਹੁੰਚ ਬਰਕਰਾਰ ਰਹੇਗੀ, ਜਦੋਂ ਤੱਕ ਤੁਸੀਂ ਤੁਰੰਤ ਰੱਦ ਕਰਨ ਦੇ ਹੱਕਦਾਰ ਨਾ ਹੋਵੋ ਜਾਂ ਤੁਹਾਡੇ ਕੋਲ ਮਦਦ ਕੇਂਦਰ ਵਿੱਚ ਵਰਣਨ ਕੀਤੇ ਮੁਤਾਬਕ ਹੋਰ ਰੱਦੀਕਰਨ ਜਾਂ ਹਟਣ ਦੇ ਹੱਕ ਨਾ ਹੋਣ। ਜੇ ਤੁਹਾਡੇ ਕੋਲ ਹਟਣ ਦਾ ਹੱਕ ਹੈ ਅਤੇ ਤੁਸੀਂ ਉਸਨੂੰ ਵਰਤਣਾ ਚਾਹੁੰਦੇ ਹੋ, ਤਾਂ ਤੁਸੀਂ ਜਿਸ ਵਿਕਰੇਤਾ ਤੋਂ ਖਰੀਦ ਕੀਤੀ ਹੈ, ਤੁਹਾਡੇ ਲਈ ਉਸ ਤੱਕ ਸਪਸ਼ਟ ਸਟੇਟਮੈਂਟ ਰਾਹੀਂ ਹਟਣ ਦੇ ਫ਼ੈਸਲੇ ਦਾ ਸੰਚਾਰ ਕਰਨਾ ਲਾਜ਼ਮੀ ਹੈ। ਜੇ ਤੁਸੀਂ ਹਟਣ ਦੀ ਮਿਆਦ ਦੌਰਾਨ ਸੇਵਾਵਾਂ ਦੀ ਕਾਰਗੁਜ਼ਾਰੀ ਨੂੰ ਸ਼ੁਰੂ ਕਰਨ ਦੀ ਬੇਨਤੀ ਕਰਦੇ ਹੋ, ਤਾਂ ਜਦੋਂ ਤੱਕ ਤੁਸੀਂ ਵਿਕਰੇਤਾ ਨਾਲ ਇਕਰਾਰਨਾਮੇ ਤੋਂ ਹਟਣ ਸੰਬੰਧੀ ਸੰਚਾਰ ਨਹੀਂ ਕਰਦੇ, ਉਦੋਂ ਤੱਕ ਤੁਹਾਨੂੰ ਮੁਹੱਈਆ ਕਰਵਾਈਆਂ ਗਈਆਂ ਸੇਵਾਵਾਂ ਦੇ ਹਿਸਾਬ ਨਾਲ ਵਰਤੋਂ-ਮੁਤਾਬਕ ਖਰਚਾ ਦੇਣਾ ਪੈ ਸਕਦਾ ਹੈ।
ਜੇ ਤੁਸੀਂ ਸੇਵਾ ਮਿਟਾਉਣਾ ਰਾਹੀਂ Google One ਨੂੰ ਮਿਟਾਉਣਾ ਚੁਣਦੇ ਹੋ, ਤਾਂ ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ ਕਿ ਤੁਸੀਂ ਤੁਰੰਤ Google One ਸੇਵਾਵਾਂ ਤੱਕ ਪਹੁੰਚ ਗੁਆ ਸਕਦੇ ਹੋ। ਜੇ ਤੁਸੀਂ ਆਪਣੀ ਬਿਲਿੰਗ ਮਿਆਦ ਦੇ ਬਾਕੀ ਬਚੇ ਸਮੇਂ ਲਈ ਤੱਕ Google One ਸੇਵਾਵਾਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ Google One ਨੂੰ ਮਿਟਾਉਣ ਦੀ ਬਜਾਏ ਆਪਣੀ ਸਬਸਕ੍ਰਿਪਸ਼ਨ ਰੱਦ ਕਰੋ।
ਭੁਗਤਾਨ-ਵਾਪਸੀਆਂ। ਜੇ ਤੁਸੀਂ Google One ਸਬਸਕ੍ਰਿਪਸ਼ਨ ਜਾਂ AI ਕ੍ਰੈਡਿਟਾਂ ਦੀ ਖਰੀਦ ਕਰਦੇ ਹੋ, ਤਾਂ ਭੁਗਤਾਨ ਵਾਪਸੀ ਨੀਤੀ ਲਾਗੂ ਹੋਵੇਗੀ। ਭੁਗਤਾਨ-ਵਾਪਸੀ ਦੀ ਬੇਨਤੀ ਕਰਨ ਲਈ ਤੁਹਾਨੂੰ ਉਸ ਵਿਕਰੇਤਾ ਨੂੰ ਸੰਪਰਕ ਕਰਨ ਦੀ ਲੋੜ ਪਵੇਗੀ ਜਿਸ ਤੋਂ ਤੁਸੀਂ ਖਰੀਦ ਕੀਤੀ ਹੈ। ਲਾਗੂ ਕਨੂੰਨ ਅਧੀਨ ਤੁਹਾਡੇ ਕੋਲ ਅਜਿਹੇ ਖਪਤਕਾਰ ਅਧਿਕਾਰ ਹੋ ਸਕਦੇ ਹਨ ਜੋ ਇਸ ਇਕਰਾਰਨਾਮੇ ਦੇ ਅਧੀਨ ਨਹੀਂ ਆਉਂਦੇ। ਇਹ ਸ਼ਰਤਾਂ ਉਨ੍ਹਾਂ ਅਧਿਕਾਰਾਂ ਨੂੰ ਪ੍ਰਤਿਬੰਧਿਤ ਨਹੀਂ ਕਰਦੀਆਂ।
5. ਗਾਹਕ ਸਹਾਇਤਾ
Google One ਵਿੱਚ ਕੁਝ ਖਾਸ Google ਸੇਵਾਵਾਂ 'ਤੇ ਗਾਹਕ ਸਹਾਇਤਾ ਤੱਕ ਪਹੁੰਚ ਸ਼ਾਮਲ ਹੋ ਸਕਦੀ ਹੈ। ਅਜਿਹੀ ਸਥਿਤੀ ਜਿੱਥੇ ਗਾਹਕ ਸਹਾਇਤਾ ਤੁਹਾਡੀ ਬੇਨਤੀ ਸੰਬੰਧੀ ਮਦਦ ਨਹੀਂ ਕਰ ਪਾ ਰਹੀ, ਅਸੀਂ ਤੁਹਾਨੂੰ ਲਾਗੂ Google ਸੇਵਾ ਦੀ ਗਾਹਕ ਸਹਾਇਤਾ ਸੇਵਾ ਵੱਲ ਟ੍ਰਾਂਸਫ਼ਰ ਜਾਂ ਰੀਡਾਇਰੈਕਟ ਕਰ ਸਕਦੇ ਹਾਂ। ਜੇ ਤੁਹਾਡੀ Google One ਸਬਸਕ੍ਰਿਪਸ਼ਨ ਰੱਦ ਜਾਂ ਮੁਅੱਤਲ ਕਰ ਦਿੱਤੀ ਜਾਂਦੀ ਹੈ, ਤਾਂ ਤੁਹਾਡੀਆਂ ਹੱਲ ਨਹੀਂ ਹੋਈਆਂ ਗਾਹਕ ਸਹਾਇਤਾ ਸੰਬੰਧੀ ਸਮੱਸਿਆਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਜਾਵੇਗਾ ਅਤੇ ਤੁਹਾਨੂੰ ਆਪਣੀ ਸਬਸਕ੍ਰਿਪਸ਼ਨ ਨੂੰ ਮੁੜ-ਬਹਾਲ ਕਰਨ ਤੋਂ ਬਾਅਦ, ਨਵੀਂ ਪੁੱਛਗਿੱਛ ਸਪੁਰਦ ਕਰਨੀ ਪੈ ਸਕਦੀ ਹੈ। ਗਾਹਕ ਸਹਾਇਤਾ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਮਦਦ ਕੇਂਦਰ 'ਤੇ ਜਾਓ।
6. ਪਰਿਵਾਰਕ ਸਾਂਝਾਕਰਨ
ਤੁਹਾਡੀ Google One ਸਬਸਕ੍ਰਿਪਸ਼ਨ ਤੁਹਾਨੂੰ ਆਪਣੇ ਪਰਿਵਾਰ ਗਰੁੱਪ (“ਪਰਿਵਾਰਕ ਸਾਂਝਾਕਰਨ”) ਨਾਲ ਕੁਝ ਖਾਸ ਲਾਭ ਸਾਂਝੇ ਕਰਨ ਦੀ ਆਗਿਆ ਦੇ ਸਕਦੀ ਹੈ। ਜੇ ਤੁਸੀਂ ਆਪਣੇ ਪਰਿਵਾਰ ਗਰੁੱਪ ਨਾਲ ਕਿਸੇ ਵੀ ਲਾਭ ਨੂੰ ਸਾਂਝਾ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ Google One ਵਾਸਤੇ ਪਰਿਵਾਰਕ ਸਾਂਝਾਕਰਨ ਨੂੰ ਬੰਦ ਕਰਨਾ ਜਾਂ ਆਪਣੇ ਪਰਿਵਾਰ ਗਰੁੱਪ ਨੂੰ ਛੱਡਣਾ ਲਾਜ਼ਮੀ ਹੈ। ਸਿਰਫ਼ Google One ਪਲਾਨ ਪ੍ਰਬੰਧਕ ਹੀ ਕਿਸੇ Google One ਸਬਸਕ੍ਰਿਪਸ਼ਨ ਵਿੱਚ ਪਰਿਵਾਰਕ ਮੈਂਬਰ ਸ਼ਾਮਲ ਕਰ ਸਕਦੇ ਹਨ ਅਤੇ ਪਰਿਵਾਰਕ ਸਾਂਝਾਕਰਨ ਨੂੰ ਚਾਲੂ ਜਾਂ ਬੰਦ ਕਰ ਸਕਦੇ ਹਨ। ਪਰਿਵਾਰਕ ਸਾਂਝਾਕਰਨ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਮਦਦ ਕੇਂਦਰ 'ਤੇ ਜਾਓ।
ਜੇ ਤੁਸੀਂ Google One 'ਤੇ ਕਿਸੇ ਪਰਿਵਾਰ ਗਰੁੱਪ ਦਾ ਹਿੱਸਾ ਹੋ, ਤਾਂ ਤੁਹਾਡੇ ਪਰਿਵਾਰ ਗਰੁੱਪ ਦੇ ਮੈਂਬਰ ਤੁਹਾਡੇ ਬਾਰੇ ਕੁਝ ਖਾਸ ਜਾਣਕਾਰੀ ਦੇਖ ਸਕਣਗੇ। ਉਦਾਹਰਨ ਲਈ, ਜੇ ਤੁਸੀਂ ਕਿਸੇ ਅਜਿਹੇ ਪਰਿਵਾਰ ਗਰੁੱਪ ਵਿੱਚ ਸ਼ਾਮਲ ਹੁੰਦੇ ਹੋ ਜਿਸ ਵਿੱਚ Google One ਪਰਿਵਾਰਕ ਸਾਂਝਾਕਰਨ ਚਾਲੂ ਹੈ, ਤਾਂ ਪਰਿਵਾਰ ਗਰੁੱਪ ਦੇ ਦੂਜੇ ਮੈਂਬਰ (ਅਤੇ ਇਸ ਵਿੱਚ ਨਿਮੰਤਰਿਤ ਵਿਅਕਤੀ) ਤੁਹਾਡਾ ਨਾਮ, ਫ਼ੋਟੋ, ਈਮੇਲ ਪਤਾ, ਜਿਨ੍ਹਾਂ ਡੀਵਾਈਸਾਂ ਦਾ ਤੁਸੀਂ ਬੈਕਅੱਪ ਲਿਆ ਹੋਇਆ ਹੈ, ਵਰਤੇ ਜਾ ਚੁੱਕੇ AI ਕ੍ਰੈਡਿਟ ਅਤੇ ਤੁਹਾਡੇ ਵੱਲੋਂ ਵਰਤੀ ਜਾ ਰਹੀ ਸਟੋਰੇਜ ਜਗ੍ਹਾ ਦੇਖ ਸਕਦੇ ਹਨ। ਪਰਿਵਾਰ ਗਰੁੱਪ ਦੇ ਮੈਂਬਰ ਇਹ ਵੀ ਦੇਖ ਸਕਦੇ ਹਨ ਕਿ ਕਿਸੇ ਪਰਿਵਾਰਕ ਮੈਂਬਰ ਨੇ Google One ਸਬਸਕ੍ਰਿਪਸ਼ਨ ਨਾਲ ਸ਼ਾਮਲ ਵਧੀਕ ਲਾਭ ਰੀਡੀਮ ਕੀਤੇ ਹਨ ਜਾਂ ਨਹੀਂ।
ਜੇ ਤੁਸੀਂ ਆਪਣੇ ਪਰਿਵਾਰ ਗਰੁੱਪ ਵਿੱਚ Google One ਪਲਾਨ ਪ੍ਰਬੰਧਕ ਹੋ ਅਤੇ ਤੁਸੀਂ ਜਾਂ ਤਾਂ ਪਰਿਵਾਰਕ ਸਾਂਝਾਕਰਨ ਬੰਦ ਕਰ ਦਿੰਦੇ ਹੋ ਜਾਂ ਆਪਣਾ ਪਰਿਵਾਰ ਗਰੁੱਪ ਛੱਡ ਦਿੰਦੇ ਹੋ, ਤਾਂ ਤੁਹਾਡੇ ਪਰਿਵਾਰ ਗਰੁੱਪ ਦੇ ਦੂਜੇ ਮੈਂਬਰ Google One ਸਬਸਕ੍ਰਿਪਸ਼ਨ ਤੱਕ ਪਹੁੰਚ ਨੂੰ ਗੁਆ ਬੈਠਣਗੇ। ਜੇ ਤੁਹਾਨੂੰ ਆਪਣੇ Google One ਪਲਾਨ ਪ੍ਰਬੰਧਕ ਵੱਲੋਂ ਪਰਿਵਾਰਕ ਸਾਂਝਾਕਰਨ ਦੇ ਰਾਹੀਂ Google One ਤੱਕ ਪਹੁੰਚ ਦਿੱਤੀ ਗਈ ਹੈ, ਤਾਂ ਤੁਹਾਡੇ ਵੱਲੋਂ ਆਪਣਾ ਪਰਿਵਾਰ ਗਰੁੱਪ ਛੱਡਣ ਜਾਂ ਤੁਹਾਡੇ Google One ਪਲਾਨ ਪ੍ਰਬੰਧਕ ਵੱਲੋਂ ਪਰਿਵਾਰਕ ਸਾਂਝਾਕਰਨ ਬੰਦ ਕਰ ਦਿੱਤੇ ਜਾਣ ਜਾਂ ਪਰਿਵਾਰ ਗਰੁੱਪ ਛੱਡ ਦਿੱਤੇ ਜਾਣ 'ਤੇ ਤੁਸੀਂ Google One ਤੱਕ ਆਪਣੀ ਪਹੁੰਚ ਗੁਆ ਬੈਠੋਗੇ।
7. ਮੋਬਾਈਲ ਬੈਕਅੱਪ ਅਤੇ ਮੁੜ-ਬਹਾਲੀ
Google One ਵਿੱਚ ਯੋਗ ਮੋਬਾਈਲ ਡੀਵਾਈਸਾਂ ਲਈ ਵਿਸਤ੍ਰਿਤ ਡਾਟਾ ਬੈਕਅੱਪ ਅਤੇ ਮੁੜ-ਬਹਾਲੀ ਦੀ ਪ੍ਰਕਾਰਜਾਤਮਕਤਾ (“ਬੈਕਅੱਪ ਅਤੇ ਮੁੜ-ਬਹਾਲੀ”) ਸ਼ਾਮਲ ਹੋ ਸਕਦੀ ਹੈ। 'ਬੈਕਅੱਪ' ਅਤੇ 'ਮੁੜ-ਬਹਾਲੀ' ਦੀ ਵਰਤੋਂ ਕਰਨ ਲਈ ਵਧੀਕ ਐਪਲੀਕੇਸ਼ਨਾਂ ਨੂੰ ਸਥਾਪਤ ਅਤੇ ਕਿਰਿਆਸ਼ੀਲ ਕਰਨਾ ਲੋੜੀਂਦਾ ਹੋ ਸਕਦਾ ਹੈ, ਜਿਵੇਂ ਕਿ Google Photos. ਤੁਸੀਂ ਕਿਸੇ ਵੇਲੇ ਵੀ Google One ਐਪਲੀਕੇਸ਼ਨ ਵਿੱਚ ਜਾ ਕੇ ਆਪਣੇ 'ਬੈਕਅੱਪ' ਅਤੇ 'ਮੁੜ-ਬਹਾਲੀ' ਦੇ ਵਿਕਲਪ ਬਦਲ ਸਕਦੇ ਹੋ। ਜੇ ਤੁਹਾਡੀ Google One ਸਬਸਕ੍ਰਿਪਸ਼ਨ ਮੁਅੱਤਲ ਜਾਂ ਰੱਦ ਕਰ ਦਿੱਤੀ ਗਈ ਹੈ, ਤਾਂ ਤੁਸੀਂ ਲਾਗੂ Android ਬੈਕਅੱਪ ਨੀਤੀਆਂ ਮੁਤਾਬਕ ਕੁਝ ਸਮੇਂ ਬਾਅਦ 'ਬੈਕਅੱਪ ਅਤੇ ਮੁੜ-ਬਹਾਲੀ' 'ਤੇ ਰੱਖਿਅਤ ਕੀਤੇ ਡਾਟੇ ਤੱਕ ਪਹੁੰਚ ਗੁਆ ਸਕਦੇ ਹੋ।